ਆਇਆ ਕਾਸਾ ਹੱਥ ਫਕੀਰ ਹੋਇਆ, ਇਹਦੇ ਪਿੱਛੇ ਦਰਦ ਕਹਾਣੀ ਏ,
ਜੇਹਾ ਇਸ਼ਕ ਚ ਹੁੰਦਾ ਅਖੀਰ ਹੋਇਆ, ਆਸ਼ਿਕ ਦੀ ਮਰਜ ਪੁਰਾਣੀ ਏ,
ਹੋਇਆ ਤਨ ਮਨ ਰੋਗੀ ਇਸ਼ਕੇ ਦਾ, ਉਹ ਰੋਗ ਹੀ ਬੂਹਾ ਢੋਹ ਚੱਲਿਆ,
ਉਹਨੂੰ ਪਾਉਣਾ ਚੰਨ ਨੂੰ ਹੱਥ ਲਾਉਣਾ, ਬੱਸ ਇੱਕ ਬਰਾਬਰ ਹੋ ਚੱਲਿਆ।
ਪਾਏ ਲੱਖ ਤਵੀਤ ਨਾ ਕੰਮ ਆਏ, ਐਵੇਂ ਗਲ ਦਾ ਬਣੇ ਸਿੰਗਾਰ ਜਿਹਾ,
ਸਾਨੂੰ ਉਹਨਾਂ ਜਿਹੇ ਨਾ ਢੰਗ ਆਏ, ਜੋ ਜਾਅਲੀ ਕੀਤਾ ਪਿਆਰ ਜਿਹਾ,
ਪਾਵਾਂ ਲੱਖ ਦੀ ਲਾਹਨਤ ਆਪਣੇ ਤੇ,
ਪਾਵਾਂ ਲੱਖ ਦੀ ਲਾਹਨਤ ਆਪਣੇ ਤੇ, ਕਿਉਂ ਦਿਲ ਛੱਡਦਾ ਨਾ ਮੋਹ ਝੱਲਿਆ,
ਉਹਨੂੰ ਪਾਉਣਾ ਚੰਨ ਨੂੰ ਹੱਥ ਲਾਉਣਾ, ਬੱਸ ਇੱਕ ਬਰਾਬਰ ਹੋ ਚੱਲਿਆ।
ਮਾੜੇ ਲੇਖ ਲਿਖਾ ਕੇ ਜਨਮ ਲਿਆ, ਹੱਥ ਜਿੱਤ ਦੀ ਕੋਈ ਲਕੀਰ ਨਹੀਂ,
ਦਿਲ ਚਾਹੀ ਮੰਜ਼ਿਲ ਮਿਲ ਜਾਵੇ, ਫਿਰ ਬਣਦਾ ਕੋਈ ਫਕੀਰ ਨਹੀਂ,
ਹੁਣ ਇਹ ਅਰਜੋਈਏ ਕੌਣ ਸੁਣੇ, ਰੱਬ ਤਾਂਈਂ ਸੁਨੇਹਾ ਸੌ ਘੱਲਿਆ ,
ਉਹਨੂੰ ਪਾਉਣਾ ਚੰਨ ਨੂੰ ਹੱਥ ਲਾਉਣਾ, ਬੱਸ ਇੱਕ ਬਰਾਬਰ ਹੋ ਚੱਲਿਆ।
ਮੁੱਦਤਾਂ ਹੀ ਹੋਈਆਂ ਹੱਸਿਆਂ ਨੂੰ, ਤਾਹੀਓਂ ਲੋਕ ਸਾਡੇ ਤੇ ਹੱਸਦੇ ਨੇ,
ਕਿਹੜਾ ਮੋੜੇ ਇਸ਼ਕ ਦੇ ਡੱਸਿਆਂ ਨੂੰ, ਸਭ ਉਲਟਾ ਰਸਤਾ ਦੱਸਦੇ ਨੇ,
ਮੁੱਕੇ ਇੰਤਜ਼ਾਰ ਮਲਕਾਣੇ ਦਾ, ਲੈ ਪ੍ਰਿਤ ਤੋਂ ਕੁੱਝ ਕੰਨਸੋਅ ਬੱਲਿਆ,
ਉਹਨੂੰ ਪਾਉਣਾ ਚੰਨ ਨੂੰ ਹੱਥ ਲਾਉਣਾ, ਬੱਸ ਇੱਕ ਬਰਾਬਰ ਹੋ ਚੱਲਿਆ।