ਤਿੜਕੇ ਹੋਏ ਚਾਹਵਾਂ ਦੀ ਚੁੱਪ ਦੇ ਪਰਿੰਦੇ
ਅੱਧ ਮੋਏ ਸੂਰਜ ਦੀ ਧੁੱਪ ਦੇ ਪਰਿੰਦੇ
ਜ਼ਖ਼ਮੀ ਹਵਾਵਾਂ ਦੀ ਰੁੱਤ ਦੇ ਪਰਿੰਦੇ
ਹਾਲਾਤਾਂ ਨਾਲ ਘੁਲਦੇ, ਤੂਫ਼ਾਨਾਂ ਸੰਗ ਲੜਦੇ
ਮਿੱਟੀਆਂ ਦੇ ਬਾਵੇ ਸਮੁੰਦਰਾਂ 'ਚ ਤਰਦੇ
ਮਿੱਟੀਆਂ ਦੇ ਬਾਵੇ ਸਮੁੰਦਰਾਂ 'ਚ ਤਰਦੇ
ਖੂਹ ਬਣ ਗਏ ਸਾਡੇ ਨੈਣਾਂ ਦੇ ਕੋਏ
ਆਪਣੇ ਹੀ ਸਾਹ ਪਰਦੇਸੀ ਨੇ ਹੋਏ
ਗੀਤਾਂ ਚੋਂ ਕਿਰ ਗਏ ਲਫ਼ਜ਼ ਲੋਏ ਲੋਏ
ਡੁੱਬ ਗਈਆਂ ਨਜ਼ਮਾਂ ਦਾ ਮਰਸੀਆ ਪੜ੍ਹਦੇ
ਮਿੱਟੀਆਂ ਦੇ ਬਾਵੇ ਸਮੁੰਦਰਾਂ 'ਚ ਤਰਦੇ
ਮਿੱਟੀਆਂ ਦੇ ਬਾਵੇ ਸਮੁੰਦਰਾਂ 'ਚ ਤਰਦੇ
ਪੀੜਾਂ ਨੂੰ ਪਉੜੀ ਬਣਾਵਣ ਦੀ ਜ਼ਿੱਦ ਹੈ
ਬੁਝ ਗਏ ਸਿਤਾਰੇ ਜਗਾਵਣ ਦੀ ਜ਼ਿੱਦ ਹੈ
ਬਰਸ ਬਰਸ ਮਿਟ ਜਾਣਾ ਸਾਵਣ ਦੀ ਜ਼ਿੱਦ ਹੈ
ਆਪਣਾ ਮਸੀਹਾ ਖੁਦ ਆਪੇ ਹੀ ਕੱਢਦੇ
ਜ਼ਿੰਦਗੀ ਨੂੰ ਫ਼ਤਿਹਨਾਮਾ ਪੇਸ਼ ਪਏ ਕਰਦੇ
ਮਿੱਟੀਆਂ ਦੇ ਬਾਵੇ ਸਮੁੰਦਰਾਂ 'ਚ ਤਰਦੇ
ਮਿੱਟੀਆਂ ਦੇ ਬਾਵੇ ਸਮੁੰਦਰਾਂ 'ਚ ਤਰਦੇ